logo

ਡੇਰਾਬੱਸੀ ਫਰਜ਼ੀ ਐਨ.ਓ.ਸੀ. ਕਾਂਡ -ਤਿੰਨ ਦੋਸ਼ੀਆਂ ਨੂੰ ਹਾਈ ਕੋਰਟ ਤੋਂ ਪੰਜ ਮਹੀਨੇ ਬਾਅਦ ਮਿਲੀ ਜਮਾਨਤ -ਪੁਲੀਸ ਨੇ ਅੱਠ ਖ਼ਿਲਾਫ਼ ਕੇਸ ਦਰਜ ਕਰ ਪੰਜ ਨੂੰ ਕੀਤਾ ਸੀ ਗ੍ਰਿਫ਼ਤਾਰ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ

ਇਥੋਂ ਦੀ ਤਹਿਸੀਲ ਵਿੱਚ ਬਹੁਚਰਚਿਤ ਫਰਜ਼ੀ ਐਨ.ਓ.ਸੀ. ਦੇ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਹਾਈ ਕੋਰਟ ਤੋਂ ਪੰਜ ਮਹੀਨੇ ਬਾਅਦ ਜਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਵਾਲਿਆਂ ਵਿੱਚ ਕਲੋਨਾਈਜ਼ਰ ਗੁਲਸ਼ਨ ਕੁਮਾਰ, ਅਰਜਨ ਨਵੀਸ ਸੁਰੇਸ਼ ਜੈਨ ਵਾਸੀਆਨ ਡੇਰਾਬੱਸੀ ਅਤੇ ਐਨ.ਓ.ਸੀ. ਬਣਾਉਣ ਵਾਲਾ ਵਿੱਕੀ ਠਾਕੁਰ ਵਾਸੀ ਪਿੰਡ ਭਾਂਖਰਪੁਰ ਸ਼ਾਮਲ ਹੈ। ਇਨ੍ਹਾਂ ਵਿੱਚੋਂ ਗੁਲਸ਼ਨ ਕੁਮਾਰ ਅਤੇ ਸੁਰੇਸ਼ ਜੈਨ ਨੂੰ ਪੁਲੀਸ ਨੇ ਲੰਘੇ ਸਾਲ 18 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਜਦਕਿ ਵਿੱਕੀ ਠਾਕੁਰ ਨੂੰ ਦੋਵਾਂ ਨੂੰ ਤੋਂ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਤਹਿਸੀਲਾਂ ਵਿੱਚ ਫੈਲੇ ਭ੍ਰਿਸ਼ਟਾਚਾਰ ’ਤੇ ਠਲ੍ਹ ਪਾਉਣ ਅਤੇ ਨਾਜਾਇਜ਼ ਕਲੋਨੀਆਂ ’ਤੇ ਰੋਕ ਲਾਉਣ ਦੇ ਮਕਸਦ ਨਾਲ ਹਰੇਕ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਸਬੰਧਿਤ ਮਹਿਕਮੇ ਤੋਂ ਐਨ.ਓ.ਸੀ. (ਕੋਈ ਇਤਰਾਜ ਨਹੀਂ ਪ੍ਰਮਾਣ ਪੱਤਰ) ਦੀ ਸ਼ਰਤ ਲਾਈ ਗਈ ਸੀ। ਸ਼ੁਰਆਤੀ ਦੌਰ ਵਿੱਚ ਤਹਿਸੀਲਾਂ ਵਿੱਚ ਨਾਜਾਇਜ਼ ਕਲੋਨੀਆਂ ਦੀ ਰਜਿਸਟਰੀਆਂ ’ਤੇ ਬਿਲਕੁਲ ਰੋਕ ਲੱਗ ਗਈ ਸੀ। ਪਰ ਪੰਜਾਬ ਸਰਕਾਰ ਸਰਕਾਰ ਦੀ ਇਹ ਯੋਜਨਾ ਉਸ ਵੇਲੇ ਫੇਲ੍ਹ ਹੋ ਗਈ ਜਦਕਿ ਤਹਿਸੀਲ ਵਿੱਚ ਬੈਠੇ ਕੁਝ ਅਰਜਨ ਨਵੀਸ, ਕਲੋਨਾਈਜ਼ਰਾਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮਿਲੀ ਭੁਗਤ ਨਾਲ ਰਿਕਾਰਡ ਵਿੱਚ ਜਾਅਲੀ ਐਨ.ਓ.ਸੀ. ਲਾ ਕੇ ਰਜਿਸਟਰੀਆਂ ਕਰਵਾਉਣੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦਾ ਉਸ ਵੇਲੇ ਭੰਡਾ ਫੋੜ ਹੋਇਆ ਜਦ ਪੰਜਾਬੀ ਟ੍ਰਿਬਿਊਨ ਦੇ ਹੱਥ ਇਕ ਫਰਜ਼ੀ ਐਨ.ਓ.ਸੀ. ਲੱਗੀ ਜਿਸਦੀ ਪੁਸ਼ਟੀ ਨਗਰ ਕੌਂਸਲ ਵੱਲੋਂ ਕੀਤੀ ਗਈ। ਕੌਂਸਲ ਵੱਲੋਂ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਤਹਿਸੀਲ ਵਿੱਚ ਤਕਰੀਬਨ 175 ਜਾਅਲੀ ਐਨ.ਓ.ਸੀ. ਨਾਲ ਰਜਿਸਟਰੀਆਂ ਹੋਈਆਂ ਹਨ। ਮਾਮਲੇ ਨੇ ਤੂਲ ਫੜ ਲਿਆ ਅਤੇ ਡੇਰਾਬੱਸੀ ਤੋਂ ਬਾਅਦ ਲਾਲੜੂ, ਜ਼ੀਰਕਪੁਰ ਸਣੇ ਪੂਰੇ ਪੰਜਾਬ ਵਿੱਚ ਤਹਿਸੀਲਾਂ ਵਿੱਚ ਜਾਅਲੀ ਐਨ.ਓ.ਸੀ. ਦਾ ਫਰਜ਼ੀ ਵਾੜਾ ਸਾਹਮਣੇ ਆਇਆ। ਮਾਮਲੇ ਦੀ ਗੰਭੀਰਤਾਂ ਨੂੰ ਦੇਖਦਿਆਂ ਐਸ.ਐਸ.ਪੀ. ਮੁਹਾਲੀ ਡਾ. ਸੰਦੀਪ ਗਰਗ ਵੱਲੋਂ ਇਕ ਤਿੰਨ ਮੈਂਬਰੀ ਸਿਟ ਕਾਇਮ ਕੀਤੀ ਜਿਨ੍ਹਾਂ ਵੱਲੋਂ ਅੱਠ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਵੇਲੇ ਇਸ ਮਾਮਲੇ ਵਿੱਚ ਜਿਹੜੇ ਦੋ ਦੋਸ਼ੀ ਹਾਲੇ ਜੇਲ੍ਹ ਵਿੱਚ ਹਨ ਉਨ੍ਹਾਂ ਵਿੱਚ ਰਿਤਿਕ ਜੈਨ ਅਤੇ ਕਪਿਲ ਗੁਪਤਾ ਸ਼ਾਮਲ ਹਨ। ਜਦਕਿ ਬੰਟੀ ਖੰਨਾ, ਸੁਖਜੀਤ ਸਿੰਘ ਅਤੇ ਹੀਰਾ ਲਾਲ ਹਾਲੇ ਫ਼ਰਾਰ ਚਲ ਰਹੇ ਹਨ ਜਿਨ੍ਹਾਂ ਦੀ ਪੁਲੀਸ ਭਾਲ ਕਰ ਰਹੀ ਹੈ।

0
703 views